ਸਾਹਿਬਜ਼ਾਦਾ ਅਜੀਤ ਸਿੰਘ ਜੀ ਭਲਾਈ ਕੇਂਦਰ (ਬੇਵਾ ਔਰਤਾਂ)

ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਭ ਸੰਗਤਾਂ ਨੂੰ ਇਸ ਨਿਮਾਣੀ ਟਰੱਸਟ ਵੱਲੋਂ

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

ਪ੍ਰਵਾਨ ਕਰਨੀ ਜੀ ।

ਕਿਸੇ ਵਿਧਵਾ ਬੇਸਹਾਰਾ ਬੀਬੀ ਦੀ ਅਸੀਸ ਸਭ ਤੋਂ ਉੱਤਮ ਅਸੀਸ ਹੈ – “ਭਾਈ ਗੁਰਇਕਬਾਲ ਸਿੰਘ”

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਸ੍ਰੀ ਅੰਮ੍ਰਿਤਸਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਵੱਖ-ਵੱਖ ਸ਼ਹਿਰਾਂ ਅੰਦਰ ਚਲਾਏ ਜਾ ਰਹੇ ਭਲਾਈ ਕੇਂਦਰਾਂ ਦੀ ਲੜੀ ਵਿੱਚ ਇੱਕ ਹੋਰ ਅਧਾਰਾ ਜੋੜਦੇ ਹੋਏ ਸਤੰਬਰ 2015 ਨੂੰ ਜੰਡਿਆਲਾ ਗੁਰੂ ਵਿੱਖੇ ਮਾਤਾ ਗੁਜਰੀ ਜੀ ਦੇ ਨਾਮ ਤੇ ਭਲਾਈ ਕੇਂਦਰ ਦੀ ਸ਼ੁਭ ਸ਼ੁਰੂਆਤ ਕੀਤੀ ਗਈ। ਇਸ ਭਲਾਈ ਕੇਂਦਰ ਅੰਦਰ ਚੱਲ ਰਹੀਆਂ ਸੇਵਾਵਾਂ ਦੀ ਸਾਰੀ ਜਿੰਮੇਵਾਰੀ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਭਾਈ ਨਰਿੰਦਰ ਸਿੰਘ ਜੀ ਦੀ ਝੋਲੀ ਪਾਈ ਗਈ, ਜੋ ਕਿ ਬਤੋਰ ਸੰਚਾਲਕ ਇਹਨਾਂ ਸਾਰੀਆਂ ਸੇਵਾਵਾਂ ਦਾ ਸੰਚਾਲਨ ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕਾ ਨਿਰੰਤਰ ਕਰ ਰਹੇ ਹਨ।

ਕਿਸੇ ਵਿਧਵਾ ਬੇਸਹਾਰਾ ਬੀਬੀ ਦੀ ਅਸੀਸ ਸਭ ਤੋਂ ਉੱਤਮ ਅਸੀਸ ਹੈ” ਇਹ ਅਸੀਸ ਸਭ ਤੋਂ ਉੱਤਮ ਕਿਉ ਹੈ ਅਤੇ ਇਸ ਕਥਨ ਦਾ ਮਤਲਬ ਕੀ ਹੈ? ਇਹ ਜਾਨਣ ਲਈ ਸਭ ਤੋਂ ਪਹਿਲਾਂ ਇੱਕ ਵਿਧਵਾ ਬੇਸਹਾਰਾ ਬੀਬੀ ਦੇ ਜੀਵਨ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਵਿਧਵਾ ਸ਼ਬਦ ਜਿਹਨ ਵਿੱਚ ਆਂਉਦਿਆਂ ਹੀ ਇਕ ਐਸੀ ਬੀਬੀ ਦਾ ਜੀਵਨ ਅੱਖਾਂ ਸਾਹਮਣੇ ਆਉਂਦਾ ਹੈ ਜਿਸ ਦਾ ਪਤੀ ਮਰ ਚੁੱਕਾ ਹੈ, ਬੱਚੇ ਛੋਟੇ ਹਨ ਅਤੇ ਸਹੁਰੇ ਜਾਂ ਪੇਕੇ ਪਰਿਵਾਰ ਦਾ ਆਸਰਾ ਨਾ ਮਿਲਣ ਕਰਕੇ ਜੀਵਨ ਨਿਰਬਾਹ ਦੀ ਡੋਰ ਹੱਥਾਂ ਚੋਂ ਛੁੱਟਦੀ ਨਜ਼ਰ ਆਉਂਦੀ ਹੈ ਅਤੇ ਭਵਿੱਖ ਵਿੱਚ ਹਨੇਰੇ ਤੋਂ ਸਿਵਾਏ ਕੁਝ ਵੀ ਨਜ਼ਰ ਨਹੀਂ ਆਉਂਦਾ।

ਪਤੀ ਦਾ ਸਹਾਰਾ ਨਹੀਂ, ਘਰ ਵਿੱਚ ਰੋਟੀ ਨਹੀਂ, ਬੱਚੇ ਕੀ ਖਾਣ ਅਤੇ ਸਕੂਲ ਕਿਵੇਂ ਜਾਣ ਇਹਨਾ ਸਭਨਾ ਗੱਲਾਂ ਦੇ ਜਵਾਬ ਵਿੱਚ ਉਸ ਬੀਬੀ ਦੇ ਕੋਲ ਸਿਰਫ ਵੈਰਾਗ ਦੇ ਅੱਥਰੂ ਹੀ ਬਚਦੇ ਹਨ। ਇਸ ਅਤਿ ਔਖੇ ਸਮੇ ਵਿੱਚ ਗੁਰੂ ਕਿਰਪਾ ਦੁਆਰਾ ਜੇਕਰ ਕੋਈ ਸੰਸਥਾ ਜਾਂ ਕੋਈ ਵਿਅਕਤੀ ਵਿਸ਼ੇਸ਼ ਉਸ ਬੀਬੀ ਅਤੇ ਉਸ ਦੇ ਬੱਚਿਆਂ ਦੇ ਜੀਵਨ ਨਿਰਬਾਹ ਲਈ ਰੋਜ਼ੀ ਰੋਟੀ ਦਾ ਸਹਾਰਾ ਬਣਦਾ ਹੈ ਤਾਂ ਉਸ ਵਿਧਵਾ ਬੀਬੀ ਦੇ ਦਿਲੋਂ ਵੈਰਾਗ ਵਿੱਚ ਨਿਕਲੀ ਅਸੀਸ ਪ੍ਰਮਾਤਮਾਂ ਦੇ ਦਰਵਾਜ਼ੇ ਤੱਕ ਪਹੁੰਚਦੀ ਹੈ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੀ ਸ਼ੁਰੂਆਤ ਗੁਰਮਤਿ ਸਤਿਸੰਗ ਸਭਾ ਧੰਨ ਧੰਨ ਬੀਬੀ ਕੌਲਾਂ ਜੀ ਤੋਂ ਹੋਈ , ਜੋ ਅੱਜ ਤੋਂ ਤਕਰੀਬਨ 34 ਸਾਲ ਪਹਿਲਾਂ ਸੰਨ 1983 ਵਿੱਚ 9 ਕੁ ਗੁਰਮੁੱਖ ਪਿਆਰਿਆਂ ਤੋਂ ਹੋਂਦ ਵਿੱਚ ਆਈ ।

ਗੁਰਮਤਿ ਸਤਿਸੰਗ ਸਭਾ ਧੰਨ ਧੰਨ ਬੀਬੀ ਕੌਲ਼ਾਂ ਜੀ ਵੱਲੋਂ ਹਰ ਹਫਤੇ ਕਿਸੇ ਮੈਂਬਰ ਦੇ ਗ੍ਰਹਿ ਵਿੱਖੇ ਕੀਰਤਨ ਸਮਾਗਮ ਰੱਖਣਾ । ਸਾਜ਼ ਸਾਈਕਲ ‘ਤੇ ਲੈ ਕੇ ਜਾਣਾ , ਘਰਾਂ ‘ਚ ਸ੍ਰੀ ਅਖੰਡ ਪਾਠ ਸਾਹਿਬ, ਸਹਿਜ ਪਾਠ , ਸੁਖਮਨੀ ਸਾਹਿਬ ਜੀ ,  ਸ੍ਰੀ ਜਪੁਜੀ ਸਾਹਿਬ ਜੀ , ਵਾਹਿਗੁਰੂ ਗੁਰਮੰਤਰ ਦੀਆਂ ਲੜੀਆਂ ਅਰੰਭ ਕਰਨੀਆਂ । ਇੰਨ੍ਹਾਂ ਕਾਰਜ਼ਾ ਵਿੱਚ ਸੰਗਤਾਂ ਆਪਣੇ ਘਰਾਂ ਵਿੱਚੋਂ ਪ੍ਰਸ਼ਾਦੇ ਤਿਆਰ ਕਰਕੇ ਲਿਆਉਦੀਆਂ ਫਿਰ ਭੋਗ ਉਪਰੰਤ ਪੰਗਤ ਵਿੱਚ ਉਹੀ ਪ੍ਰਸ਼ਾਦੇ ਵਰਤਾਏ ਜਾਂਦੇ  ਇਹਨਾਂ ਸਾਰੇ ਸਮਾਗਮਾਂ ਵਿੱਚ ਭਾਈ ਗੁਰਇਕਬਾਲ ਸਿੰਘ ਜੀ ਆਪ ਹਾਜ਼ਰੀ ਭਰਦੇ ਸਨ।

ਜਿਵੇਂ-ਜਿਵੇਂ ਸੰਗਤਾਂ ਦਾ ਇਕੱਠ ਵੱਧਦਾ ਗਿਆ , ਕੀਰਤਨ ਦੇ ਸਤਿਕਾਰ ਵਜੋਂ ਮਾਇਆ ਆਉਣੀ ਅਰੰਭ ਹੋਈ । ਪੂਰਨ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ‘ਨਾਨਕਸਰ ਕਲੇਰਾ ਵਾਲਿਆਂ’ ਦੀ ਪ੍ਰੇਰਨਾਂ ਸਦਕਾ ਭਾਈ ਸਾਹਿਬ ਜੀ ਦਾ ਇਸ ਕੀਰਤਨ ਦੀ ਸ਼ੈਲੀ ਨੂੰ ਨਿਸ਼ਕਾਮ ਰੂਪ ਵਿੱਚ ਰੱਖਣ ਵਾਸਤੇ ਇਹ ਸਵਾਲ ਪੈਦਾ ਹੋਇਆ ਕਿ ਇਸ ਕੀਰਤਨ ਤੋਂ ਆਈ ਮਾਇਆ ਰੂਪੀ ਸੇਵਾ ਨੂੰ ਕਿੱਥੇ ਖਰਚ ਕੀਤਾ ਜਾਵੇ ?ਭਾਈ ਸਾਹਿਬ ਜੀ ਨੇ ਆਪਣੇ ਸਾਥੀਆਂ ਨਾਲ ਵਿਚਾਰ ਕੀਤੀ ਕਿ ਇਹ ਸੰਗਤਾਂ ਵੱਲੋਂ ਦਿੱਤੀ ਮਾਇਆ ਨੂੰ ਐਸੀ ਜਗ੍ਹਾ ਵਰਤੀਏ ਕਿ ਸਤਿਗੁਰੂ ਜੀ ਦੀ ਪ੍ਰਸੰਨਤਾ ਮਿਲੇ ।

ਜਿਸ ਕਰਕੇ ਗੁਰੂ ਸਾਹਿਬ ਜੀ ਨੇ ਬੇਵਾ ਔਰਤਾਂ ਦੀ ਭਲਾਈ ਵਾਸਤੇ ਕਾਰਜ਼ ਕਰਨ ਦੀ ਸੋਝੀ ਬਖ਼ਸ਼ੀ ਅਤੇ ਬੀਬੀ ਕੌਲ਼ਾਂ ਜੀ ਭਲਾਈ ਕੇਂਦਰ ਟਰੱਸਟ (ਬੇਵਾ ਔਰਤਾਂ ) ਹੋਂਦ ਵਿੱਚ ਆਇਆ ।